Jathebandi Di Jugat | Sakhi - 58 | Sant Attar Singh ji Mastuana Wale
Description
ਜਥੇਬੰਦੀ ਦੀ ਜੁਗਤ
ਇੱਕ ਵਾਰ ਪੰਥ ਦੇ ਉੱਘੇ ਲੀਡਰ, ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ, ਧੜੇਬੰਦੀ ਨੇ ਪੰਥ ਦੀ ਜਿੱਤ 'ਤੇ ਪਾਣੀ ਫੇਰ ਦਿੱਤਾ ਹੈ। ਕੋਈ ਉਪਾਓ ਦੱਸੋ ਕਿ ਸਾਰਾ ਪੰਥ ਇਕੱਠਾ ਹੋ ਜਾਵੇ। ਪੰਥ ਨੂੰ ਧੜੇਬੰਦੀ ਤੋਂ ਮੁਕਤ ਕਰਾਉਣ ਲਈ ਸੰਤ ਜੀ ਨੇ ਫ਼ੁਰਮਾਇਆ, "ਜੇ ਪਹਿਲਾਂ ਸਾਰੀ ਜਥੇਬੰਦੀ ਨਾਮ-ਬਾਣੀ ਸਿਮਰਨ ਦੇ ਆਸਰੇ ਪੱਕੀ ਹੁੰਦੀ ਤਾਂ ਕੋਈ ਤਾਕਤ ਇਨ੍ਹਾਂ ਨੂੰ ਪਾੜ ਕੇ ਕਾਰਜਾਂ ਵਿੱਚ ਵਿਘਨ ਨਹੀਂ ਸੀ ਪਾ ਸਕਦੀ। ਸਾਰੇ ਧੜਿਆਂ ਦੇ ਮੁਖੀ ਸੱਜਨ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਕੇ ਕੀਰਤਨ ਕਰਿਆ ਕਰਨ, ਗੁਰਸ਼ਬਦ ਮੇਲ ਕਰਵਾ ਦੇਵੇਗਾ।" ਇਹ ਸੁਣ ਉਨ੍ਹਾਂ ਨੇ ਸੰਤਾਂ ਨੂੰ ਕਿਹਾ ਕਿ ਇਹ ਬੜਾ ਕਠਿਨ ਕੰਮ ਹੈ। ਕੋਈ ਅਮਲੀ ਉਪਾਓ ਦੱਸੋ। ਸੰਤਾਂ ਨੇ ਬੜੇ ਜਲਾਲ ਵਿੱਚ ਆ ਕੇ ਕਿਹਾ, "ਖ਼ਾਲਸਾ ਜੀ! ਦੁੱਧ ਵੀ ਤੁਹਾਡਾ, ਖੰਡ ਵੀ ਤੁਹਾਡੀ, ਅਸੀਂ ਤਾਂ ਉਂਗਲ ਫੇਰਨੀ ਜਾਣਦੇ ਹਾਂ। ਗੁਰਮਤਿ ਜੁਗਤ ਇਹ ਹੈ ਕਿ ਜਦੋਂ ਤੁਸੀਂ ਸਾਰੇ ਰਲ ਕੇ ਬਗੈਰ ਲਿਹਾਜ ਦੇ, ਬਾਣੀ ਵਿੱਚ ਢਲੇ ਹੋਏ, ਪੰਜ ਗੁਰਸਿੱਖ (ਪਿਆਰੇ) ਅਤੇ ਇੱਕ ਗੁਰਮੁਖ ਸਾਖੀ (ਗ੍ਰੰਥੀ) ਚੁਣ ਲਵੋਗੇ ਤੇ ਇਨ੍ਹਾਂ ਦੇ ਹੁਕਮ ਵਿੱਚ ਜਿਸ ਕੰਮ ਨੂੰ ਗੁਰੂ ਕੀ ਤਾਬੇ ਗੁਰਮਤਾ ਕਰਕੇ ਹੱਥ ਪਾਵੋਗੇ, ਫ਼ਤਹਿ ਹੋਵੇਗਾ। ਪਰ ਇਹ ਨਾ ਹੋਵੇ ਕਿ ਅੱਜ ਕੋਠੇ ਚਾੜ੍ਹ ਦਿੱਤਾ ਤੇ ਕੱਲ੍ਹ ਪੌੜੀ ਖਿੱਚ ਲਈ। ਜਦ ਤੱਕ ਇਹ ਪ੍ਰੇਮੀ ਜਿਉਂਦੇ ਰਹਿਣ ਤੇ ਰਹਿਤ-ਮਰਿਯਾਦਾ ਵਿੱਚ ਪੱਕੇ ਰਹਿਣ, ਤਦ ਤੱਕ ਪੰਥ ਇਨ੍ਹਾਂ ਦੀ ਆਗਿਆ ਵਿੱਚ ਰਹੇ।" ਸੰਤਾਂ ਦੇ ਇਹ ਸ਼ੁਭ ਬਚਨ ਅਜੇ ਤੀਕਰ ਜਮ੍ਹਾਂ ਹਨ:
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥ (੧੨੦੪)